
ਜ਼ੀਰਕਪੁਰ : ਨਵੇਂ ਸਾਲ 2024 ਦੀ ਨਵੀਂ ਸ਼ੁਰੂਆਤ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਨਾਲ ਜ਼ੀਰਕਪੁਰ ਪਟਿਆਲਾ ਰੋਡ ਤੇ ਸਥਿੱਤ ਇਤਿਹਾਸਕ ਗੁਰਦੁਆਰਾ ਨਾਭਾ ਸਾਹਿਬ ਵਿੱਖੇ ਨਤਮਸਤਕ ਹੋਏ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਜਿੱਥੇ ਉਨ੍ਹਾਂ ਕੁੱਝ ਮਿੰਟਾਂ ਲਈ ਗੁਰਬਾਣੀ ਸਰਬਣ ਕੀਤੀ। ਮੁੱਖਮੰਤਰੀ ਦਾ ਕਾਫਿਲਾ ਜਦ ਗੁਰਦੁਆਰਾ ਸਾਹਿਬ ਪੁੱਜਿਆ ਤਾਂ ਨਵੇਂ ਸਾਲ ਮੌਕੇ ਮੱਥਾ ਟੇਕਣ ਆਈ ਸੰਗਤ ਨੇ ਉਨ੍ਹਾਂ ਦਾ ਸਵਾਗਤ ਕੀਤਾ, ਜਦਕਿ ਇਹ ਦੌਰਾ ਮੁੱਖਮੰਤਰੀ ਵੱਲੋਂ ਗੁਪਤ ਰੱਖਿਆ ਗਿਆ ਸੀ। ਇਸ ਮੌਕੇ ਵਿਧਾਇਕ ਕੁਲਜੀਤ ਸਿੰਘ ਦੇ ਭਰਾ ਪਰਮਜੀਤ ਸਿੰਘ ਨੇ ਆਮ ਆਦਮੀ ਪਾਰਟੀ ਦੀ ਟੀਮ ਨਾਲ ਮੁਖਮੰਤਰੀ ਅਤੇ ਉਨ੍ਹਾਂ ਦੀ ਪਤਨੀ ਦਾ ਸਵਾਗਤ ਕੀਤਾ। ਹਾਲਾਂਕਿ ਇਸ ਦੌਰਾਨ ਮੁੱਖਮੰਤਰੀ ਨੇ ਮੀਡੀਆ ਨਾਲ ਕੋਈ ਗੱਲਬਾਤ ਨਹੀਂ ਕੀਤੀ।

ਮੁੱਖ ਮੰਤਰੀ ਦੇ ਦੌਰੇ ਦੌਰਾਨ ਗੁਰੂਦਵਾਰਾ ਸਾਹਿਬ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ ਜਿਸ ਦੀ ਅਗਵਾਈ ਖੁੱਦ ਐਸਐਸਪੀ ਮੋਹਾਲੀ ਡਾ. ਸੰਦੀਪ ਗਰਗ ਕਰ ਰਹੇ ਸਨ ਇਸ ਮੌਕੇ ਉਨ੍ਹਾਂ ਦੇ ਨਾਲ ਡੀ.ਸੀ ਮੋਹਾਲੀ, ਐਸਡੀਐਮ ਡੇਰਾਬੱਸੀ ਹਿਮਾਂਸ਼ੂ ਗੁਪਤਾ, ਤਹਿਸੀਲਦਾਰ ਕੁਲਦੀਪ ਸਿੰਘ, ਨਾਈਬ ਤਹਿਸੀਲਦਾਰ ਡੇਰਾਬੱਸੀ ਹਰਿੰਦਰਜੀਤ ਸਿੰਘ ਪੁਨਿਆ, ਜ਼ੀਰਕਪੁਰ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਰਵਨੀਤ ਸਿੰਘ, ਡੀਐਸਪੀ ਨਰਿੰਦਰ ਚੌਧਰੀ ਐਸਐਚਓ ਜ਼ੀਰਕਪੁਰ ਇੰਸਪੈਕਟਰ ਸਿਮਰਜੀਤ ਸਿੰਘ ਸ਼ੇਰਗਿੱਲ ਮੌਜੂਦ ਰਹੇ। ਉਨ੍ਹਾਂ ਨੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸਿਰਫ਼ 20 ਤੋਂ 25 ਮਿੰਟ ਰੁਕਣ ਮਗਰੋਂ ਵਾਪਸ ਚਲੇ ਗਏ। ਉੱਥੇ ਹੀ ਵੱਡੀ ਗਿਣਤੀ ’ਚ ਪਹੁੰਚੇ ਮੀਡੀਆ ਤੋਂ ਉਨ੍ਹਾਂ ਨੇ ਇਕ ਦੂਰੀ ਬਣਾ ਕੇ ਰੱਖੀ। ਇਸ ਦੌਰਾਨ ਸਮੂਹ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਮੀਡੀਆ ਨੂੰ ਮੁੱਖ ਮੰਤਰੀ ਮਾਨ ਦੇ ਨਜ਼ਦੀਕ ਨਹੀਂ ਆਉਣ ਦਿੱਤਾ।